
ਰਣਦੀਪ ਸਿੰਘ ਇੰਨਾ ਵੀ ਖੁਸ਼ਕਿਸਮਤ ਨਹੀਂ ਸੀ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ, ਹਥਕੜੀਆਂ ਲਾ ਕੇ ਅਮਰੀਕਾ ਤੋਂ ਅੰਮ੍ਰਿਤਸਰ ਆਉਣ ਵਾਲ਼ੀ ਸੀ-17 ਉਡਾਨ ਰਾਹੀਂ ਲਿਆਂਦਾ ਜਾਂਦਾ। ਬਿਗਾਨੀ ਧਰਤੀ ’ਤੇ 264 ਦਿਨ ਜ਼ਿੰਦਗੀ ਲਈ ਲੜਦੇ ਹੋਏ ਇਸ ਸਾਲ 21 ਫਰਵਰੀ ਨੂੰ ਡੌਂਕੀ ਰਸਤੇ ਅਮਰੀਕਾ ਜਾਂਦੇ ਹੋਏ ਕੰਬੋਡੀਆਂ ਵਿੱਚ ਉਸ ਨੇ ਆਪਣੇ ਸਾਹਾਂ ਦਾ ਸਫ਼ਰ ਮੁਕਾ ਲਿਆ।
ਤੁਸੀਂ ਕਹਿ ਸਕਦੇ ਹੋ ਕਿ ਪਰਗਟ ਸਿੰਘ ਖੁਸ਼ਕਿਸਮਤ ਸੀ। ਵਿਦੇਸ਼ੀ ਸੁਪਨਿਆਂ ਦਾ ਠੱਗਿਆ ਹੋਇਆ ਇੱਕ ਹੋਰ ਪੰਜਾਬੀ ਜਿਸਦਾ ਅਮਰੀਕਾ ਜਾਣ ਦਾ ਸਫ਼ਰ ਆਪਣੇ ਪਰਿਵਾਰ ਦੀ ਤਿੰਨ ਏਕੜ ਜ਼ਮੀਨ ਦਾ ਅੱਧਾ ਹਿੱਸਾ ਅਤੇ ਆਪਣੀ ਮਾਂ ਦੇ ਲਗਭਗ ਸਾਰੇ ਗਹਿਣੇ ਵੇਚਣ ਨਾਲ਼ ਸ਼ੁਰੂ ਹੋਇਆ- ਅਤੇ ਭਾਰਤ ਡਿਪੋਰਟ ਹੋਣ ਨਾਲ਼ ਹੀ ਖ਼ਤਮ ਵੀ ਹੋ ਗਿਆ। ਬਹੁਤ ਦੁਖਦ ਹੈ ਇਹ ਕਹਿਣਾ ਕਿ ਹਥਕੜੀਆਂ ਵਿੱਚ ਜਕੜਿਆ ਪਰਗਟ ਸਿੰਘ ਘਰ ਪਹੁੰਚਿਆ; ਪਰ ਘੱਟੋ-ਘੱਟ ਆਪਣੀ ਕਹਾਣੀ ਸੁਣਾਉਣ ਲਈ ਜਿਉਂਦਾ ਤਾਂ ਰਿਹਾ।
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਸ਼ੇਖਪੁਰਾ ਕਲਾਂ ਵਿੱਚ ਰਣਦੀਪ ਦੇ ਘਰ ਵਿਛਿਆ ਸੱਥਰ (ਪਰਿਵਾਰ ਵਿੱਚ ਮੌਤ ਤੋਂ ਬਾਅਦ ਹੇਠਾਂ ਬੈਠਣ ਵਾਲ਼ੀ ਰਸਮ) ਉਸਦੀ ਵਲੂੰਧ ਕੇ ਰੱਖ ਵਾਲ਼ੀ ਕਹਾਣੀ ਦੀ ਗਵਾਹੀ ਭਰਦਾ ਹੈ। ਦੋ ਕਮਰਿਆਂ ਦੇ ਘਰ ਵਿੱਚ ਇੰਨੀ ਵੀ ਥਾਂ ਨਹੀਂ ਕਿ ਅਫ਼ਸੋਸ ਕਰਨ ਵਾਲ਼ੇ ਲੋਕਾਂ ਨੂੰ ਆਪਣੇ ਅੰਦਰ ਸਮਾ ਸਕੇ। ਪਰ ਇਹ ਕੰਮ ਛੇਤੀ ਹੋਣ ਵਾਲ਼ਾ ਨਹੀਂ ਜਾਪਦਾ। ਮ੍ਰਿਤ ਸਰੀਰ ਨੂੰ ਘਰ ਵਾਪਸ ਪਹੁੰਚਾਉਣ ਲਈ ਹੋਣ ਵਾਲ਼ੇ ਖਰਚੇ ਦੀ ਪੂਰਤੀ ਲਈ ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਨੇ 7,100 ਅਮਰੀਕੀ ਡਾਲਰਾਂ (ਲਗਭਗ 6,21,000 ਰੁਪਏ) ਦੀ ਪੇਸ਼ਗੀ ਮੰਗ ਕੀਤੀ ਹੈ।
ਛੇ ਅੰਕਾਂ ਦੀ ਇਹ ਰਕਮ ਰਣਦੀਪ ਦੇ ਪਿਤਾ, ਬਲਵਿੰਦਰ ਸਿੰਘ (55) ਦੀ ਸਮਰੱਥਾ ਤੇ ਸਮਝ ਦੋਵਾਂ ਤੋਂ ਹੀ ਬਾਹਰ ਹੈ ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ 500 ਰੁਪਏ ਦਿਹਾੜੀ ਕਮਾਉਂਦੇਂ ਹਨ, ਉਹ ਵੀ ਉਦੋਂ ਜਦੋਂ ਉਹਨਾਂ ਨੂੰ ਕੋਈ ਕੰਮ ਮਿਲ਼ ਜਾਵੇ। ਸੋਗ ਮਨਾਉਣ ਆਉਣ ਵਾਲ਼ੇ ਨੂੰ ਉਹ ਜਾਣਦੇ ਹੋਣ ਭਾਵੇਂ ਨਾ, ਬਲਵਿੰਦਰ ਸਿੰਘ ਹਰ ਵਿਅਕਤੀ ਵੱਲ ਇਸੇ ਉਮੀਦ ਨਾਲ਼ ਦੇਖਦੇ ਹਨ ਅਤੇ ਮਸਾਂ ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ,“ਬੋਡੀ ਲੈ ਕੇ ਆਉਣ ਦਾ ਦੇਖੋ।”
ਪੇਂਡੂ ਇਲਾਕਿਆਂ ਵਿੱਚ ਬੇਰੁਜ਼ਗਾਰੀ ਅਤੇ ਖੇਤੀਬਾੜੀ ਸੰਕਟ ਨੂੰ ਦੇਖਦੇ ਹੋਏ ਸਿਰਫ਼ ਰਣਦੀਪ ਹੀ ਇਕੱਲਾ ਨਹੀਂ ਸੀ ਜੋ ਪੰਜਾਬ ਨੂੰ ਛੱਡ ਜਾਣ ਬਾਰੇ ਸੋਚ ਰਿਹਾ ਸੀ। ਇੱਕ ਬੇਜ਼ਮੀਨੇ ਦਲਿਤ ਪਰਿਵਾਰ ਵਿੱਚ ਪੈਦਾ ਹੋਏ ਰਣਦੀਪ ਦਾ ਬਚਪਨ ਨਿਰਾਸ਼ਾ ਵਿਚਾਲ਼ੇ ਬੀਤਿਆ, ਇਹ ਉਹ ਸਮਾਂ ਸੀ ਜਦੋਂ ਪੰਜਾਬ ਫ਼ਸਲ ਦੀ ਤਬਾਹੀ-ਬਰਬਾਦੀ, ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀਆਂ ਦੀਆਂ ਸਮੱਸਿਆਵਾਂ ਨਾਲ਼ ਘਿਰਿਆ ਹੋਇਆ ਸੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਇੱਕ ਅਧਿਐਨ ਅਨੁਸਾਰ ਰਾਜ ਵਿੱਚ 2000 ਤੋਂ 2015 ਤੱਕ 16,606 ਕਿਸਾਨ ਖ਼ੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ।ਇਹਨਾਂ ਵਿੱਚੋਂ ਅੱਧੀਆਂ ਬੇਜ਼ਮੀਨੇ ਦਲਿਤ ਖੇਤ ਮਜ਼ਦੂਰਾਂ ਵੱਲੋਂ ਕੀਤੀਆ ਗਈਆਂ ਇਸ ਤੋਂ ਬਾਅਦ ਵੀ ਆਉਣ ਵਾਲ਼ੀਆਂ ਸਰਕਾਰਾਂ ਦੇ ਦਾਅਵੇ ਕਿ ‘ਪੰਜਾਬ ਨੂੰ ਕੈਲੀਫੋਰਨੀਆਂ
ਬਣਾ ਦਿਆਂਗੇ’ ਜਾਂ ਰੁਜ਼ਗਾਰ ਦੀ ਇੰਨੀ ਭਰਮਾਰ ਕਰ ਦਿਆਂਗੇ ਕਿ ਵਿਦੇਸ਼ੀ ਵੀ ਇੱਥੇ ਨੌਕਰੀ ਕਰਨ ਆਇਆ ਕਰਨਗੇ, ਨੌਜਵਾਨਾਂ ਨੂੰ ਪ੍ਰਭਾਵਤ ਨਾ ਕਰ ਸਕੇ।
ਧਿਆਨ ਰਹੇ ਅਮਰੀਕਾ ਤੋਂ ਜ਼ੰਜੀਰਾਂ ਵਿੱਚ ਜਕੜੇ ਇਨ੍ਹਾਂ ਨੌਜਵਾਨਾਂ ਦਾ ਵਾਪਸ ਆਉਣਾ ਇਸੇ ਗੱਲ ‘ਤੇ ਮੋਹਰ ਲਾਉਂਦਾ ਹੈ ਨਹੀਂ ਤਾਂ ਉਹ ਇੱਕ ਬਿਹਤਰ ਜ਼ਿੰਦਗੀ ਦੀ ਭਾਲ਼ ਵਿੱਚ ਉੱਥੇ ਕਿਉਂ ਜਾਂਦੇ? ਇਸ ਸਾਲ ਮਾਰਚ 13 ਨੂੰ ਕੇਂਦਰ ਸਰਕਾਰ ਨੇ ਸੰਸਦ ਵਿੱਚ ਦੱਸਿਆ ਕਿ ਅਮਰੀਕਾ ਤੋਂ ਭਾਰਤ ਭੇਜੇ ਗਏ 388 ਲੋਕਾਂ ਵਿੱਚੋਂ 39.43 ਪ੍ਰਤੀਸ਼ਤ ਪੰਜਾਬ ਤੋਂ ਅਤੇ 34.02 ਪ੍ਰਤੀਸ਼ਤ ਹਰਿਆਣੇ ਤੋਂ ਸਨ। ਜੋ ਕੁੱਲ ਗਿਣਤੀ ਦਾ ਲਗਭਗ ਤਿੰਨ-ਚੋਥਾਈ ਹਿੱਸਾ ਬਣਦਾ ਹੈ। ਛੋਟੇ ਕਸਬਿਆਂ ਵਿੱਚ ਵੀ International English Language Testing System (IELTS) ਅਤੇ Test of English as Foreign Language (TOEFL) ਚਲਾ ਰਹੇ ਕੇਂਦਰਾਂ ਦੇ ਇਮੀਗ੍ਰੇਸ਼ਨ ਕਾਰੋਬਾਰ ਦਾ ਉਛਾਲ਼ ਇਸੇ ਦੁਖਦਾਈ ਸੱਚਾਈ ਨੂੰ ਹੀ ਬਿਆਨ ਕਰਦਾ ਹੈ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਸਦ ਵਿੱਚ ਕਿਹਾ ਸੀ ਕਿ 2016 ਤੋਂ 2021 ਵਿਚਕਾਰ ਲਗਭਗ ਪੰਜ ਲੱਖ ਲੋਕ ਰੁਜ਼ਗਾਰ ਲਈ ਪੰਜਾਬ ਤੋਂ ਵਿਦੇਸ਼ ਚਲੇ ਗਏ ਸਨ। ਇਸ ਸਮੇਂ ਦੌਰਾਨ 2.62 ਫੀਸਦੀ ਵਿਦਿਆਰਥੀਆਂ ਨੇ ਵਿਦੇਸ਼ ਵਿੱਚ ਪੜ੍ਹਾਈ ਕਰਨ ਦੀ ਚੋਣ ਕੀਤੀ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਈ ਪੜ੍ਹਾਈ ਸਿਰਫ਼ ਪੰਜਾਬ ਤੋਂ ਨਿਕਲ਼ਣ ਦਾ ਇੱਕ ਰਸਤਾ ਮਾਤਰ ਸੀ। ਖ਼ੁਦਕੁਸ਼ੀਆਂ ਦੇ ਹੜ੍ਹ ਤੋਂ ਬਾਅਦ ਇੱਕ ਹੋਰ ਲਹਿਰ ਉੱਠੀ: ਇੱਕ ਸਮੂਹਿਕ ਪਰਵਾਸ ਦੀ ਲਹਿਰ।
ਰਣਦੀਪ ਦਾ ਸੁਪਨਾ ਸੀ ਕਿ ਉਹ ਆਪਣੀ ਵੱਡੀ ਭੈਣ ਦਾ ਵਿਆਹ ਕਰੇ ਅਤੇ ਆਪਣੇ ਮਾਤਾ-ਪਿਤਾ ਨੂੰ ਮਜ਼ਦੂਰੀ ਤੋਂ ਮੁਕਤ ਕਰੇ। ਸੋ ਉਹਨੇ ਉੱਚ ਵਿਆਜ ’ਤੇ ਕਰਜਾ ਚੁੱਕਣ ਅਤੇ ਦੋ ਮੱਝਾਂ ਵੇਚਣ ਦਾ ਫ਼ੈਸਲਾ ਕੀਤਾ ਤੇ ਟ੍ਰੈਵਲ ਏਜੰਟ ਨਾਲ਼ 42 ਲੱਖ ਰੁਪਏ ਵਿੱਚ ਸੌਦਾ ਮਾਰ ਲਿਆ। ਉਸ ਏਜੰਟ ਨੇ ‘ਗਰੰਟੀ’ ਦਿੱਤੀ ਕਿ ਉਹ ਉਸਨੂੰ ਕੈਨੇਡਾ ਦੇ ਰਸਤੇ ਅਮਰੀਕਾ ਲੈ ਜਾਵੇਗਾ। ਇਸੇ ਭਰੋਸੇ ਆਸਰੇ ਰਣਦੀਪ 1 ਜੂਨ, 2024 ਨੂੰ ਘਰੋਂ ਚੱਲ ਪਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ।
ਪਰ ਉਹ ਏਜੰਟ ਉਸਨੂੰ ਕੰਬੋਡੀਆ ਲੈ ਗਿਆ, ਜਿੱਥੇ 21 ਫਰਵਰੀ ਨੂੰ ਇੱਕ ਹਸਪਤਾਲ ਵਿੱਚ ਭੇਤਭਰੀ ਹਾਲਤ ਵਿੱਚ ਉਸਦੀ ਮੌਤ ਹੋ ਗਈ। “ਏਜੰਟ ਨੇ ਸਾਡੇ ਨਾਲ਼ ਧੋਖਾ ਕੀਤਾ। ਬੱਚੇ ਉਹਨਾਂ ਲਈ ਸਿਰਫ਼ ਬਲ਼ੀ ਦਾ ਬੱਕਰਾ ਹੀ ਨੇ। ਹੁਣ ਸਾਨੂੰ ਉਸਦੀ ਮ੍ਰਿਤਕ ਦੇਹ ਹੀ ਵਾਪਸ ਮਿਲ਼ੇਗੀ ਉਹ ਨਹੀਂ,” ਰਣਦੀਪ ਦੇ ਚਾਚਾ ਧਰਮਪਾਲ ਕਹਿੰਦੇ ਹਨ ਜੋ ਇੱਕ ਟੈਕਸੀ ਡਰਾਇਵਰ ਹਨ। ਇੱਥੇ ਜ਼ਿਆਦਾਤਰ ਨੌਜਵਾਨਾਂ ਦੀ ਇਹੋ ਕਹਾਣੀ ਹੈ ਜਿਹੜੇ ਇਮੀਗ੍ਰੇਸ਼ਨ ਦੇ ਜਾਲ਼ ਵਿੱਚ ਜਾ ਫਸਦੇ ਹਨ। 30 ਤੋਂ 40 ਲੱਖ ਰੁਪਏ ਲਾ ਕੇ ਵੀ ਉਹਨਾਂ ਵਿੱਚੋਂ ਬਹੁਤਿਆਂ ਦਾ ਸਫ਼ਰ ਅੱਧ ਵਿਚਾਲ਼ੇ ਦਮ ਤੋੜ ਦਿੰਦਾ ਹੈ, ਕਈ ਵਾਰੀਂ ਭੂਮੱਧ ਸਾਗਰ ਵਿੱਚ ਡੁੱਬਣ ਨਾਲ਼ ਜਾਂ ਪਨਾਮਾ ਦੇ ਜੰਗਲਾਂ ਵਿੱਚ ਮਾਰੇ-ਮਾਰੇ ਫਿਰਨ ਨਾਲ਼ ਵੀ ਮੁੱਕ ਜਾਂਦਾ ਹੈ ਤੇ ਕਈ ਵਾਰੀਂ ਇਹੀ ਸਫ਼ਰ ਉਨ੍ਹਾਂ ਨੂੰ ਅਮਰੀਕਾ ਦੀਆਂ ਜੇਲ੍ਹਾਂ ਤੱਕ ਲੈ ਜਾਂਦਾ ਹੈ।

ਰਣਦੀਪ ਵਾਂਗ, ਪਰਗਟ ਸਿੰਘ ਜੋ ਪਟਿਆਲਾ ਜ਼ਿਲ੍ਹੇ ਦੇ ਮੌਲੀਵਾਲ਼ਾ ਪਿੰਡ ਦੇ ਇੱਕ ਜੱਟ ਸਿੱਖ ਪਰਿਵਾਰ ਨਾਲ਼ ਸਬੰਧਤ ਇੱਕ ਛੋਟੇ ਕਿਸਾਨ ਦਾ ਇਕਲੌਤਾ ਪੁੱਤ ਹੈ, ਹਰ ਹੀਲੇ ਅਮਰੀਕਾ ਪਹੁੰਚਣਾ ਚਾਹੁੰਦਾ ਸੀ। ਉਹਨੇ ਬਚਪਨ ਤੋਂ ਹੀ ਪਿਤਾ, 45 ਸਾਲਾ ਮੇਜਰ ਸਿੰਘ ਨੂੰ ਕਰਜੇ ਹੇਠ ਪਿਸਦੇ ਦੇਖਿਆ, ਘੱਟੋ-ਘੱਟ ਸਮਰਥਨ ਮੁੱਲ (MSP) ’ਤੇ ਆਪਣਾ ਝੋਨਾ ਚੁਕਾਉਣ ਲਈ ਮੰਡੀਆਂ ਵਿੱਚ ਅਪਮਾਨਤ ਹੁੰਦੇ ਦੇਖਿਆ, ਇਹ ਸਭ ਦੇਖ ਕੇ ਉਸਦਾ ਮਨ ਖੱਟਾ ਹੋ ਗਿਆ ਤੇ ਉਹਨੇ ਖੇਤੀਬਾੜੀ ਤੋਂ ਦੂਰ ਜਾਣ ਦਾ ਫ਼ੈਸਲਾ ਕੀਤਾ।
ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿੱਚ ਇੱਕ ਉਦਯੋਗਿਕ ਸਿਖਲਾਈ ਸੰਸਥਾ (ITI) ਵਿੱਚ ਕੋਰਸ ਕਰਨ ਤੋਂ ਬਾਅਦ ਪਰਗਟ ਨੇ ਇੱਕ ਆਧੁਨਿਕ ਡੇਅਰੀ ਫਾਰਮ ਸ਼ੁਰੂ ਕੀਤਾ। ਪਰ 2022 ਵਿੱਚ ਲੰਪੀ ਸਕਿਨ ਡਿਸੀਜ਼ (ਪਸ਼ੂਆਂ ਨੂੰ ਪ੍ਰਭਾਵਿਤ ਕਰਨ ਵਾਲ਼ੀ ਭਿਆਨਕ ਛੂਤ ਦੀ (ਵਾਇਰਲ) ਬਿਮਾਰੀ, ਫੈਲਣ ਤੋਂ ਬਾਅਦ ਉਸਦੀਆਂ ਚਾਰ ਗਾਵਾਂ ਦੀ ਮੌਤ ਹੋ ਗਈ। “ਰਾਜ ਸਰਕਾਰ ਨੇ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਨੂੰ ਇੱਕ ਵੀ ਪੈਸਾ ਨਹੀਂ ਮਿਲ਼ਿਆ,” ਉਸ ਨੇ ਦੱਸਿਆ। ਉਸ ਸਮੇਂ ਤੋਂ ਬਾਅਦ ਉਸ ਨੇ ਯੂਰੋਪ ਜਾਂ ਅਮਰੀਕਾ ਨਿਕਲ਼ਣ ਦੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਅਖੀਰ ਜੂਨ 2024 ਵਿੱਚ ਉਹ ਅਮਰੀਕਾ ਦੇ ਲੰਮੇ ਸਫ਼ਰ ’ਤੇ ਨਿਕਲ਼ ਗਿਆ ਜਿਸਨੂੰ ਪੰਜਾਬ ਵਿੱਚ ਡੌਂਕੀ ਲਾਉਣਾ ਕਹਿੰਦੇ ਹਨ।
“ਮੈਂ ਬ੍ਰਾਜ਼ੀਲ ਉਤਰਿਆ,” PARI ਨਾਲ਼ ਆਪਣੇ ਲੰਮੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਪਰਗਟ ਦੱਸਦਾ ਹੈ। “ਡੌਂਕਰਜ਼ [ਟ੍ਰੈਵਲ ਏਜੰਟਾਂ ਦੇ ਸਥਾਨਕ ਗਾਈਡ ਜੋ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖ਼ਲ ਕਰਵਾਉਂਦੇ ਹਨ] ਨੇ ਸਾਡੇ ਵਿੱਚੋਂ 80 ਜਾਣਿਆਂ ਦਾ ਇੱਕ ਸਮੂਹ ਬਣਾਇਆ। ਅਸੀਂ ਪਹਿਲਾਂ ਬੱਸ ਰਾਹੀਂ ਬੋਲੀਵੀਆ, ਏਕੁਆਡੋਰ, ਕੋਲੰਬੀਆਂ ਅਤੇ ਪੇਰੂ ਵਰਗੇ ਦੇਸ਼ ਪਾਰ ਕੀਤੇ। ਫਿਰ ਸਾਨੂੰ ਕੋਸਟਾ ਰਿਕਾ, ਨਿਕਾਰਾਗੂਆ, ਹੋਂਡੂਰਸ ਅਤੇ ਗੁਆਟੇਮਾਲਾ ਦੇ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ। ਅਖ਼ੀਰ ਅਸੀਂ ਮੈਕਸੀਕੋ ਜਾ ਪਹੁੰਚੇ। ਅਸੀਂ ਜੰਗਲ ਵਿੱਚ ਸਿਰਫ਼ ਦੋ ਦਿਨ ਦੇ ਰਾਸ਼ਨ ਨਾਲ਼ ਪੰਜ ਦਿਨ ਦਾ ਸਫ਼ਰ ਤੈਅ ਕੀਤਾ।”
“ਮਗਰਲੇ ਤਿੰਨ ਦਿਨ ਅਸੀਂ ਸਿਰਫ਼ ਪਾਣੀ ਪੀ-ਪੀ ਕੱਟੇ। ਰਾਸਤੇ ਵਿੱਚ ਇੱਕ ਮਾਫੀਆ ਨੇ ਸਾਨੂੰ 15 ਦਿਨ ਲਈ ਅਗਵਾ ਕਰ ਲਿਆ ਸੀ ਜੋ ਸਾਨੂੰ ਛੱਡਣ ਦੇ ਪੈਸੇ ਮੰਗ ਰਹੇ ਸੀ। ਉਹ ਸਾਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਕਿ ਅਸੀਂ ਉਹਨਾਂ ਨੂੰ ਫਿਰੌਤੀ ਦੇ ਪੈਸੇ ਨਹੀਂ ਦੇ ਦਿੱਤੇ।” ਪਰਗਟ ਨੂੰ ਇਹ ਸਫ਼ਰ ਹਾਲੇ ਕੱਲ੍ਹ ਦੀ ਹੀ ਗੱਲ ਜਾਪਦਾ ਹੈ।
ਅਜੇ ਉਹਨੇ ਅਮਰੀਕਾ ਵਿੱਚ ਪੈਰ ਰੱਖਿਆ ਹੀ ਸੀ ਕਿ ਦੂਜਿਆਂ ਨਾਲ਼ ਉਹਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਟੈਕਸਸ ਦੀ ਹਾਉਸਟਨ ਜੇਲ੍ਹ ਵਿੱਚ 10×3′ ਦੀ ਕੋਠੜੀ ਵਿੱਚ ਸੁੱਟ ਦਿੱਤਾ ਗਿਆ। ਉਹ ਛੇ ਮਹੀਨੇ ਉੱਥੇ ਰਹੇ। 10 ਫ਼ਰਵਰੀ ਨੂੰ ਉਹਨਾਂ ਨੂੰ ਬੇੜੀਆਂ ਲਾ ਕੇ ਨਿਊਯਾਰਕ ਤੋਂ ਦਿੱਲੀ ਜਾਣ ਵਾਲ਼ੀ ਉਡਾਨ ਵਿੱਚ ਬਿਠਾ ਦਿੱਤਾ ਗਿਆ। ਪਰ ਬਿਪਤਾਵਾਂ ਦਾ ਅੰਤ ਇੱਥੇ ਹੀ ਨਹੀਂ ਹੋਇਆ, ਪਰਗਟ ਦੁਖੀ ਹੋ ਕੇ ਕਹਿੰਦਾ ਹੈ।
“ਜਦੋਂ ਮੈਂ ਦਿੱਲੀ ਉਤਰਿਆ, ਇਮੀਗ੍ਰੇਸ਼ਨ ਅਫ਼ਸਰ ਮੈਨੂੰ ਤਿਹਾੜ ਜੇਲ਼੍ਹ ਭੇਜਣ ਦੀਆਂ ਧਮਕੀਆਂ ਦੇਣ ਲੱਗੇ। ਮੈਂ ਬਿਲਕੁਲ ਟੁੱਟ ਗਿਆ ਅਤੇ ਉਹਨਾਂ ਨੂੰ ਕਿਹਾ:‘ਤੁਸੀਂ ਮੈਨੂੰ ਗੋਲ਼ੀ ਕਿਉਂ ਨੀ ਮਾਰ ਦਿੰਦੇ? ਮੈਂ ਬਹੁਤ ਕੁਝ ਝੱਲ ਚੁੱਕਿਆਂ’।” ਸਾਰੇ ਸਫ਼ਰ ’ਤੇ ਮੇਰਾ 50 ਲੱਖ ਖ਼ਰਚ ਹੋਇਆ। ਇਸ ਖਰਚੇ ਲਈ ਪਰਗਟ ਨੇ ਆਪਣੀ 1.5 ਏਕੜ ਜ਼ਮੀਨ ਵੇਚੀ ਸੀ, ਆਪਣੀ 43 ਸਾਲਾ ਮਾਤਾ, ਸਿਮਰਨਜੀਤ ਕੌਰ ਦੇ ਗਹਿਣੇ ਤੱਕ ਵੇਚੇ ਸਨ ਅਤੇ ਬਾਕੀ ਆਪਣੇ ਰਿਸ਼ਤੇਦਾਰਾਂ ਤੋਂ ਵੀ ਉਧਾਰ ਲੈਣੇ ਪਏ ਸਨ।
ਰਣਦੀਪ ਦੇ ਚਾਚਾ ਧਰਮਪਾਲ ਦਾ ਕਹਿਣਾ ਹੈ,“ਸਾਡੀ ਗ਼ਰੀਬੀ ਈ ਆ ਜੋ ਸਾਨੂੰ ਜਾਨਵਰਾਂ ਵਾਂਗ ਸਫ਼ਰਾਂ ’ਤੇ ਜਾਣ ਲਈ ਮਜ਼ਬੂਰ ਕਰਦੀ ਆ।” ਗ਼ੈਰ-ਕਾਨੂੰਨੀ ਤਰੀਕੇ ਜਾਣ ਵਾਲ਼ੇ ਜਾਂ ਅਮਰੀਕਾ ਤੋਂ ਵਾਪਸ ਆਉਣ ਵਾਲ਼ੇ ਜ਼ਿਆਦਾਤਰ ਲੋਕ ਛੋਟੇ (ਸੀਮਾਂਤ) ਕਿਸਾਨ ਪਰਿਵਾਰਾਂ ਤੋਂ ਹਨ। ਲਖਵਿੰਦਰ ਸਿੰਘ, 24, ਰਣਦੀਪ ਦੇ ਬੇਰੁਜ਼ਗਾਰ ਚਚੇਰੇ ਭਰਾ ਦਾ ਕਹਿਣਾ ਹੈ, “ਇੱਥੇ ਪੰਜਾਬ ਵਿੱਚ ਪੜ੍ਹਿਆ-ਲਿਖਿਆ ਆਦਮੀ 10-12,000 ਰੁਪਏ ਕਮਾਉਂਦੈ। ਇੱਕ ਪੋਸਟ-ਗ੍ਰੈਜੂਏਟ 15,000 ਰੁਪਏ ਕਮਾਉਂਦੈ। ਇੰਨੇ ਕੁ ਨਾਲ਼ ਤੁਹਾਡਾ ਗੁਜ਼ਾਰਾ ਕਿਵੇਂ ਹੋਊਗਾ ਭਲ਼ਾ? ਸਰਕਾਰ ਨੇ 12 ਲੱਖ ਰੁਪਏ ਤੱਕ ਟੈਕਸ ਤੋਂ ਛੋਟ ਦਿੱਤੀ ਆ। ਕੀ ਤੁਸੀਂ ਕਿਸੇ ਨੂੰ ਮਹੀਨੇ ਦਾ ਇੱਕ ਲੱਖ ਰੁਪਿਆ ਕਮਾਉਂਦੇ ਸੁਣਿਐ? ਲੋਕ ਅਕਸਰ ਨੌਜਵਾਨਾਂ ਨੂੰ ਵਿਦੇਸ਼ ਭੱਜਣ ਲਈ ਦੋਸ਼ੀ ਕਰਾਰ ਦਿੰਦੇ ਨੇ ਪਰ ਇੱਥੇ ਸਰਕਾਰਾਂ ਉਹਨਾਂ ਨੂੰ ਰੋਕਣ ਲਈ ਕਰ ਕੀ ਰਹੀਆਂ ਨੇ?”
ਰਣਦੀਪ ਦੀ ਮੌਤ ਨੂੰ ਅੱਠ ਦਿਨ ਹੋ ਚੁੱਕੇ ਹਨ, ਪਰ ਸੋਗ ਮਨਾਉਣ ਵਾਲ਼ਿਆਂ ਦਾ ਆਉਣਾ-ਜਾਣਾ ਜਾਰੀ ਹੈ। ਜਿਓਂ ਹੀ ਕੋਈ ਅੰਦਰ ਵੜ੍ਹਦਾ ਹੈ, ਬਲਵਿੰਦਰ ਸਿੰਘ ਦੀਆਂ ਅੱਖਾਂ ਲੁਕਵੀਂ ਉਮੀਦ ਨਾਲ਼ ਉਸ ਵੱਲ ਵੇਖਣ ਲੱਗਦੀਆਂ ਹਨ, ਜਿਵੇਂ ਕੋਈ ਧੁੰਦਲੇ ਜਿਹੇ ਸੁਪਨੇ ਨੂੰ ਫੜ੍ਹਦਾ ਹੋਵੇ।
ਵੈਣ ਉੱਚੇ ਹੋਰ ਉੱਚੇ ਹੋ ਜਾਂਦੇ ਹਨ। “ਓ ਪੁੱਤ, ਇੱਕ ਵਾਰੀ ਆਜਾ, ਇੱਕ ਵਾਰੀ ਕਹਿ ਦੇ, ‘ਮੰਮੀ ਮੈਂ ਠੀਕ ਹਾਂ। ਮੇਰਾ ਰੌਲ਼ਾ ਝੂਠਾ।” ਰਣਦੀਪ ਦੇ ਮਾਤਾ ਗਿਆਨ ਕੌਰ ਦੇ ਮੂੰਹੋਂ ਬੱਸ ਇੰਨੇ ਕੁ ਬੋਲ਼ ਹੀ ਨਿਕਲ਼ਦੇ ਹਨ, ਜਿਨ੍ਹਾਂ ਦੀ ਅਵਾਜ਼ ਅਸਮਾਨ ਤੱਕ ਗੂੰਜਦੀ ਜਾਪਦੀ ਹੈ। ਦੂਜੀਆਂ ਔਰਤਾਂ ਉਹਨਾਂ ਨੂੰ ਧਰਵਾਸ ਦੇਣ ਦੀ ਕੌਸ਼ਿਸ਼ ਕਰਦੀਆਂ ਹਨ ਪਰ ਉਹਨਾਂ ਦਾ ਦਿਲ ਜਿਓਂ ਫਟ-ਫਟ ਜਾਂਦਾ ਹੈ।
ਜਦੋਂ ਅਸੀਂ ਉੱਥੋਂ ਨਿਕਲ਼ਣ ਲੱਗੇ, ਬਲਵਿੰਦਰ ਸਿੰਘ ਹੌਲ਼ੀ ਜਿਹੇ ਸੱਥਰ ਤੋਂ ਉੱਠੇ, ਸਾਨੂੰ ਬੂਹੇ ਤੱਕ ਛੱਡਣ ਆਏ, ਗੱਚ ਭਰੀ ਅਵਾਜ਼ ਵਿੱਚ ਇੱਕ ਆਖ਼ਰੀ ਵਾਰ ਸਾਨੂੰ ਕਿਹਾ,“ਬੋਡੀ ਲੈ ਕੇ ਆਉਣ ਦਾ ਦੇਖੋ।” ਉਹਨਾਂ ਦੇ ਇਹ ਬੋਲ ਚੁਫ਼ੇਰੇ ਮੱਚੇ ‘ਗ਼ੈਰ-ਕਾਨੂੰਨੀ ਪ੍ਰਵਾਸੀਆਂ’ ਦੇ ਰੌਲ਼ੇ-ਰੱਪੇ ਹੇਠ ਜਿਓਂ ਕਿਤੇ ਦੱਬ ਕੇ ਰਹਿ ਗਏ ਹੋਣ।



Photos: Vishav Bharti/PARI
ਪੋਸਟਸਕ੍ਰਿਪਟ:
ਰਣਦੀਪ ਦੀ ਮੌਤ ਦੇ ਲਗਭਗ ਇੱਕ ਮਹੀਨਾ ਬਾਅਦ ਬਲਵਿੰਦਰ ਸਿੰਘ ਦਾ ਪੁੱਤ ਘਰ ਆ ਗਿਆ। ਰਣਦੀਪ ਦਾ ਸਰੀਰ ਭਾਰਤ ਪਹੁੰਚਿਆ ਅਤੇ 19 ਮਾਰਚ ਨੂੰ ਉਸਦੇ ਪਿੰਡ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰ ਇਸ ਸਭ ਦੀ ਇੱਕ ਵੱਡੀ ਕੀਮਤ ਅਦਾ ਕਰਨੀ ਪਈ- ਪਰਿਵਾਰ ਨੇ ਕਰਜ਼ੇ ਦੀ ਦਾਬ ਹੇਠਾਂ ਆਉਣ ਦੇ ਬਾਵਜੂਦ ਆਵਾਜਾਈ ਦੇ ਖਰਚਿਆਂ ਲਈ 6 ਲੱਖ ਦਾ ਭੁਗਤਾਨ ਕੀਤਾ। ਉਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੈ ਕਿ ਸਾਰਾ ਕਰਜ਼ ਕਿਵੇਂ ਚੁਕਾਇਆ ਜਾਵੇਗਾ।
ਇਸ ਦੌਰਾਨ ਪਰਗਟ ਨੇ PARI ਨੂੰ ਤਸਵੀਰਾਂ ਅਤੇ ਚਲਚਿੱਤਰ ਦਿਖਾਏ ਜਿਹੜੇ ਉਸਨੇ ਗ਼ੈਰ-ਕਾਨੂੰਨੀ ਤਸਕਰਾਂ ਦੁਆਰਾ ਚਲਾਏ ਗਏ ਨੌ ਦੇਸ਼ਾਂ ਦੇ ਸਫ਼ਰ ਦੌਰਾਨ ਖਿੱਚੇ ਸਨ। ਇਹਨਾਂ ਵਿੱਚ ਇੱਕ ਕਲਿੱਪ ਵਿੱਚ ਉਹਨਾਂ ਦਾ ਕੰਬੋਡੀਆ ਤੋਂ ਪਨਾਮਾ ਤੱਕ ਦਾ ਕਿਸ਼ਤੀ ਸਫ਼ਰ, ਅਤੇ ਦੂਜੀ ਵਿੱਚ ਮੈਕਸੀਕੋ ਦਾਖ਼ਲ ਹੋਣ ਤੋਂ ਪਹਿਲਾਂ ਪਨਾਮਾ ਜੰਗਲਾਂ ਦਾ ਸਫ਼ਰ ਸ਼ਾਮਲ ਹੈ। ਨਾਲ਼ ਹੀ, ਮੈਕਸੀਕੋ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਦੀਆਂ ਕੁਝ ਝਲਕੀਆਂ ਵੀ ਮਿਲ਼ਦੀਆਂ ਜਦੋਂ ਉਹਨਾਂ ਨੂੰ ਇੱਕ ‘ਸੁਰੱਖਿਅਤ ਜਗ੍ਹਾ’ ਤੱਕ ਲਿਜਾਣ ਲਈ ਬੜੀ ਲਾਪਰਵਾਹੀ ਨਾਲ਼ ਕਾਰ ਚਲਾਈ ਜਾ ਰਹੀ ਸੀ। ਸਮੂਹ ਦੇ ਬਹੁਤੇ ਮੈਂਬਰ ਜ਼ਖ਼ਮੀ ਹੋ ਗਏ ਸੀ। ਇਸ ਤੋਂ ਪਹਿਲਾਂ ਕੋਲੰਬੀਆ ਵਿੱਚ ਹੋਏ ਇੱਕ ਘਾਤਕ ਹਾਦਸੇ ਵਿੱਚ ਪਰਗਟ ਦੇ ਦੋ ਸਾਥੀਆਂ ਦੀ ਮੌਤ ਹੋ ਗਈ ਸੀ- ਪਰ ਉਹ ਫੂਟੇਜ ਇਸ ਵੀਡੀਓ ਵਿੱਚ ਸ਼ਾਮਿਲ਼ ਨਹੀਂ ਹੈ।
ਭਾਵੇਂ ਕਿ ਇਹ ਕਹਾਣੀ ਸਿਰਫ਼ ਦੋ ਪ੍ਰਵਾਸੀਆਂ ਦੀ ਹੈ ਪਰ ਹਜ਼ਾਰਾਂ ਹੋਰ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਵੀ ਬਿਆਨ ਕਰਦੀ ਹੈ।